Search This Blog

Monday, January 04, 2016

ਬਾਪੂ

ਬਾਪੂ ਨਾਲ ਈ ਕੱਲ ਸੀ ਤੇ ਬਾਪੂ ਨਾਲ ਈ ਕੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

ਲੋੜ ਹੋਵੇ ਕੋਈ, ਆਪਾਂ ਬਾਪੂ ਤੋਂ ਹੀ ਪੁੱਛਣਾ,
ਮਿਲ ਜਾਏ ਤਾਂ ਠੀਕ, ਨਹੀਂ ਤਾਂ ਬਾਪੂ ਨਾਲ ਈ ਰੁੱਸਣਾ,
ਹਰ ਇੱਕ ਮਸਲੇ ਦਾ ਬਾਪੂ ਕੋਲ ਹੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

ਪੂਰੀ ਏ ਪਛਾਣ ਓਹਨੂੰ ਚੰਗੇ ਮੰਦੇ ਬੰਦੇ ਦੀ,
ਰੱਖਦਾ ਸਮਝ ਸਭ ਪੁੱਠੇ ਸਿਧੇ ਧੰਦੇ ਦੀ,
ਬੰਦੇ ਨੂੰ ਚਲਾਓਣ ਦਾ ਵੀ ਪੂਰਾ ਪੂਰਾ ਵੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

ਖ਼ਬਰ ਰਖੇ ਬਾਪੂ ਸਦਾ ਪੂਰੇ ਪੈਸੇ ਧੇਲੇ ਦੀ  ,
ਬਾਪੂ ਨਾਲ  ਰੌਣਕ ਐ ਦੁਨਿਆ ਦੇ ਮੇਲੇ ਦੀ,
ਬਾਪੂ ਦੇ ਹੀ ਸਿਰ ਉੱਤੇ "ਸ਼ੈਰੀ", ਮਾਰੀ ਸਾਰੀ ਮੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

ਬਾਪੂ ਨਾਲ ਈ ਕੱਲ ਸੀ ਤੇ ਬਾਪੂ ਨਾਲ ਈ ਕੱਲ ਐ ,
ਮਾਂ ਹੁੰਦੀ ਛਾਂ,  ਪਰ ਬਾਪੂ ਦੀ ਵੀ ਗੱਲ ਐ ।

Sunday, January 03, 2016

ਨਵਾਂ ਸਾਲ

ਚੜ੍ਹ ਗਿਆ ਫਿਰ ਨਵਾਂ ਸਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।

ਪੁੱਟੀਏ ਕਦਮ ਕੋਈ ਰਾਹ ਨਵਾਂ ਲਭੀਏ,
ਮੁੜੀਏ ਨਾ ਪਿਛੇ, ਬਸ ਅੱਗੇ ਨੂੰ ਹੀ ਵਧੀਏ,
ਆਲਸ ਦੇ ਤੋੜਿਏ ਜਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।

ਚੁਪ ਬਹੁਤ ਰਹਿ  ਲਿਆ, ਹੁਣ ਕੁਝ ਕਰਨਾ,
ਬੋਲਨਾ ਹੀ ਪੈਣਾ, ਰਹਿ ਕੇ ਚੁਪ ਨਹੀਓਂ ਸਰਨਾ,
ਦੁਨਿਆ ਨੂੰ ਕਰੀਏ ਸਵਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।

ਦਿਲ ਵਿਚ ਹੁੰਦਾ ਜੋ ਵੀ, ਕਹਿੰਦਾ ਨਹੀਓਂ ਸੰਗਦਾ,
ਰੱਬ ਕੋਲੋਂ "ਸ਼ੈਰੀ" ਸੁੱਖ ਸਭ ਦੀ ਹੈ ਮੰਗਦਾ,
ਭਰੇ ਰਹਿਣ ਖੁਸ਼ੀਆਂ ਦੇ ਥਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ |

ਚੜ੍ਹ ਗਿਆ ਫਿਰ ਨਵਾਂ ਸਾਲ ਮੇਰੇ ਦੋਸਤੋ,
ਆਓ ਕੁਝ ਕਰੀਏ ਕਮਾਲ ਮੇਰੇ ਦੋਸਤੋ।