Search This Blog

Wednesday, May 22, 2013

ਸਦਾ


ਜੋ ਆਪਣੇ ਵਿਚਲੀ ਦੂਰੀ ਏ, ਇਹ ਮੇਰੀ ਮਜਬੂਰੀ ਏ ।
ਔਖੀਆਂ ਇਹ ਕੱਲੀਆਂ ਰਾਤਾਂ ਨੇ, ਪਰ ਹਾਲੇ ਤਾਂ ਜ਼ਰੂਰੀ ਏ ।
ਬੇਚੈਨ ਜੇਹਾ ਏ ਦਿਲ ਮੇਰਾ, ਬਸ  ਜਬਰਨ ਸਬਰ ਸਬੂਰੀ ਏ ।
ਸ਼ਾਇਦ ਇਹ ਕਿਧਰੇ ਲੈ ਜਾਵੇ, ਮੇਰੀ ਫਿਤਰਤ ਜ਼ਰਾ ਫਿਤੂਰੀ ਏ ।
ਦੋ ਹਰਫਾਂ ਵਿਚ ਬਿਆਨ ਨਹੀ, ਮੇਰੀ ਕਵਿਤਾ ਅਜੇ ਅਧੂਰੀ ਏ ।
ਬਾਕੀ ਚੇਹਰਾ ਤਾਂ ਕ਼ਾਤਿਲ ਸੀ, ਬਸ ਨਜ਼ਰ ਜ਼ਰਾ ਮਖਰੂਰੀ ਏ ।
ਸ਼ਾਇਦ 'ਸ਼ੈਰੀ' ਸਭ ਛੱਡ ਜਾਂਦਾ, ਰੋਕ ਲਿਆ ਉਸ ਅਖ ਸਰੂਰੀ ਏ ।

 

Tuesday, May 14, 2013

ਚੰਨ ਦੀ ਰੋਟੀ

 ਕੀ ਦੇਵਾਂ ਮੈਂ ਉਸਨੂੰ ਜੋ ਸਭ ਕੁਝ ਮੈਨੂੰ ਦੇ ਚੁੱਕੀ ਏ ।

ਦਿਲ ਵਿਚ ਓਹਦੇ ਅਰਮਾਨ ਭਰੇ ਨੇ, ਹਾਲੇ ਤਕ ਜੋ ਹਰੇ ਭਰੇ ਨੇ,
ਕੋਈ ਟਾਹਣੀ ਇੱਕ ਜਰੂਰ  ਕਿਤੇ, ਮੇਰੀ ਅਣਗਹਿਲੀ ਨਾਲ ਸੁੱਕੀ ਏ ।

ਕਪੜੇ ਲੱਤੇ , ਗਹਿਣੇ ਗੱਟੇ , ਓਹਦੇ ਅੱਗੇ ਪੱਥਰ ਵੱਟੇ,
ਸ਼ਾਮ ਨੇ ਰੰਗ ਬਦਲ ਲਿਆ, ਨਜ਼ਰ ਜਦੋਂ ਉੱਸ ਚੁੱਕੀ ਏ ।

ਪੂਰਾ ਚੰਨ ਅਸਮਾਨੀ ਨਹੀ ਏ, ਰਾਤ ਹਨੇਰੀ ਕਾਲੀ ਏ,
ਲਗਦਾ ਏ ਅੱਜ ਚੰਨ ਦੀ ਰੋਟੀ ਆਸ਼ਿਕ ਕਿਸੇ ਨੇ ਟੁੱਕੀ ਏ ।

Thursday, April 11, 2013

ਕ਼ਿਤਾਬ

ਅੱਜ ਫਿਰ ਕੱਲਿਆਂ ਬੈਠ ਕੇ ਕੋਈ ਕ਼ਿਤਾਬ ਪੜ੍ਹਨੀ ਚਾਹਨਾ ਹਾਂ ।
ਕਿਤੇ ਕਾਲੇ ਉੱਕਰੇ ਹਰਫਾਂ ਦੀ ਨਬ੍ਜ਼ ਫੜਨੀ ਚਾਹਨਾ ਹਾਂ ।

ਨਜ਼ਰਾਂ ਨੂੰ ਮਿਲਦੇ ਲਫਜਾਂ ਤੋਂ ਵਧਕੇ ਜੋ ਮਤਲਬ ਰਖਦੀ ਏ,
ਕੋਈ ਗੱਲ ਅਜਿਹੀ ਸੋਚ ਭਰੀ ਮੈਂ ਯਾਦ ਚ ਮੜ੍ਹਨੀ ਚਾਹਨਾ ਹਾਂ ।

ਜੋ ਲਫਜ਼ ਪਿਰੋਏ ਜਿੰਦਗੀ ਨਾਲ, ਮੈਂ ਸਦਕੇ ਐਸੀ ਕ਼ਲਮ ਦੇ ਹਾਂ,
ਓਹ ਸੂਖਮ ਸ੍ਖਿਯ੍ਮ ਸੋਚ ਮੈਂ, ਮੋਤੀ ਨਾਲ ਜੜਨੀ ਚਾਹਨਾ ਹਾਂ ।

ਇੰਟਰਨੈਟ ਮੋਬਾਇਲ  ਦੇ ਯੁਗ ਵਿਚ, ਕਿਤਾਬ ਤਾਂ ਯਾਰੋ ਪਿਛੜ ਗਈ,
ਪਰ ਬਣ ਮੁਹਾਫਿਜ਼ ਪੁਸਤਕ ਦਾ, ਇੱਕ ਜੰਗ ਮੈਂ ਲੜ੍ਹਨੀ ਚਾਹਨਾ ਹਾਂ ।


ਅੱਜ ਫਿਰ ਕੱਲਿਆਂ ਬੈਠ ਕੇ ਕੋਈ ਕ਼ਿਤਾਬ ਪੜ੍ਹਨੀ ਚਾਹਨਾ ਹਾਂ ।
ਕਿਤੇ ਕਾਲੇ ਉੱਕਰੇ ਹਰਫਾਂ ਦੀ ਨਬ੍ਜ਼ ਫੜਨੀ ਚਾਹਨਾ ਹਾਂ ।


Sunday, November 04, 2012

ਡਰ

ਕੁਝ ਬਦਲਦੀਆਂ ਸਰਕਾਰਾਂ ਨੇ,
ਕੁਝ ਵਕ਼ਤੀ ਕੰਮਾਂ ਕਾਰਾਂ ਨੇ,
ਕੁਝ ਦਫਤਰ ਦੇ ਸਰਦਾਰਾਂ ਨੇ,
ਸ਼ਾਇਦ ਫਿਰ ਕੱਲਿਆਂ ਕਰ ਦੇਣਾ ।

ਮੂੰਹੋ ਗੱਲ ਕੋਈ ਨਿਕਲੀ ਨੇ,
ਕੋਈ ਗਲਤੀ ਕੀਤੀ ਪਿਛਲੀ ਨੇ,
ਤੇ ਦੂਰੀ ਆਪਸ ਵਿਚਲੀ ਨੇ,
ਸ਼ਾਇਦ ਫਿਰ ਕੱਲਿਆਂ ਕਰ ਦੇਣਾ ।

ਕੁਝ ਇੱਕ ਦੂਜੇ ਤੋਂ ਡਰਦੇ ਨੇ,

ਕੁਝ ਨਾਸਮਝੀ ਜਿਹੀ ਕਰਦੇ ਨੇ,
ਕੁਝ ਆਪਸ ਵਿਚਲੇ ਪਰਦੇ ਨੇ,
ਸ਼ਾਇਦ ਫਿਰ ਕੱਲਿਆਂ ਕਰ ਦੇਣਾ ।

ਕੁਝ ਮਿਠੀਆਂ ਕੌੜੀਆਂ ਬਾਤਾਂ ਨੇ,
ਨਾ ਹੋ ਰਹੀਆਂ ਮੁਲਾਕਾਤਾਂ ਨੇ,
ਮੇਰੇ ਵਕ਼ਤੀ ਹਾਲਾਤਾਂ ਨੇ,
ਸ਼ਾਇਦ ਫਿਰ ਕੱਲਿਆਂ ਕਰ ਦੇਣਾ । 

Sunday, October 28, 2012

ਦੋ ਸੱਤਰਾਂ

ਕਈ ਕੱਲਿਆਂ ਸਾਲ ਗੁਜ਼ਾਰ ਲਏ,
ਕੁਝ ਯਾਦ ਨੇ ਕੁਝ ਵਿਸਾਰ ਲਏ ।
ਅਰਮਾਨ ਜੋ ਦਿਲ ਵਿਚ ਬੰਦ ਰਹੇ,
ਕੁਝ ਜ਼ਿੰਦਾ ਨੇ ਕੁਝ ਮਾਰ ਲਏ ।

ਇੱਕ ਜ਼ਿੰਦਗੀ ਜੁੜ ਗਈ ਨਾਲ ਜਿਹਦੇ,
ਦੁਖ ਸੁਖ ਵੰਡ ਦੋ ਚਾਰ ਲਏ ।

ਕੱਲਿਆਂ ਰੋ ਵੇਲਾ ਕੱਟ ਲਿਆ,
ਹੁਣ ਦਿਲ ਚਾਹੁੰਦਾ ਕੁਝ ਪਿਆਰ ਲਏ।

ਦੁਆ ਇਹ ਸ਼ਾਇਦ ਸੁਣੀ ਗਈ,
ਆ ਜ਼ਿੰਦਗੀ ਵਿਚ ਸਰਕਾਰ ਗਏ।

ਅਨਜਾਣ ਜੇਹੇ ਓਹ ਆਏ ਸੀ,
ਬਣ ਸ਼ੈਰੀ ਦੇ ਦਿਲਦਾਰ ਗਏ। 

Sunday, September 23, 2012

ਕਬੂਲਨਾਮਾ

ਜਦ ਓਹ ਮੇਰੇ ਨਾਲ ਰੁੱਸ ਜਾਵੇ,

ਕੋਈ ਖੁਸ਼ੀ ਮੇਰੇ ਤੋਂ ਖੁੱਸ ਜਾਵੇ,
ਜਦ ਓਹਦਾ ਹਾਸਾ ਗੁੰਮਦਾ ਏ,
ਕੋਈ ਹੰਝੂ ਗੱਲ ਨੂੰ ਚੁੰਮਦਾ ਏ,
ਕੁਝ ਅੰਦਰੋਂ ਅੰਦਰੋਂ ਟੁੱਟਦਾ ਏ ।

ਓਹਦੇ ਹਾਸੇ ਨਾਲ ਹੀ ਹਾਸੇ ਨੇ,
ਸਭ ਦੁਨਿਆ ਵਾਲੇ ਪਾਸੇ ਨੇ,
ਪਰ ਪਿਆਰ ਦੀ ਡੋਰੀ ਭੰਨਦਾ ਹਾਂ,
ਜਦ ਰੋਣ ਦਾ ਕਾਰਣ ਬਣਦਾ ਹਾਂ,
ਕੁਝ ਅੰਦਰੋਂ ਅੰਦਰੋਂ ਟੁੱਟਦਾ ਏ ।

ਮੈਂ ਚਾਹਾਂ ਕਦੇ ਨਾ ਰੋਵੇ ਓਹ,
ਮੈਂ ਜਾਗਾਂ ਤਾਂ ਜੋ ਸੋਵੇ ਓਹ,
ਜੋ ਪਿਆਰ ਦਾ ਵਾਦਾ ਕਰਦਾ ਹਾਂ,
ਪਰ ਪੂਰਾ ਜਦ ਨਹੀਂ ਕਰਦਾ ਹਾਂ,
ਕੁਝ ਅੰਦਰੋਂ ਅੰਦਰੋਂ ਟੁੱਟਦਾ ਏ ।


Transliteration (Kaboolnama - Confession)
-------------------
jad oh mere naal russ jaave,
koi khushi mere ton khuss jaave,
jad ohda haasa gummda e,
jad hanjhu gall nu chummda e,
kujh andaron andaron tuttda e.

ohde haase naal hee haase ne,
sab dunia wale paase ne,
jad ron da kaaran banda haan,
jad pyar dee dori bhannda haan,
kujh andron andron tuttda e.

mai chanda kade na rowe oh,
mai jaaga taan jo sove oh,
jo pyar da vaada karda haan,
par poora jad nahi karda haan,
kujh andron andron tuttda e.

Friday, September 07, 2012

ਆਮਦ

  ਅਰਮਾਨਾਂ ਦੀ ਸੁੱਕ ਰਹੀ ਜ਼ਮੀਨ, ਕਾਲੀ ਘਟਾ ਵਾਂਗ ਛਾ ਗਈ,
ਤੂੰ ਮੇਰੀ ਜਿੰਦਗੀ ਚ ਆ ਗਈ ।

ਪਿਆਰ ਜਿੰਨਾ ਪਿਆਰ ਮੈਂ ਤੈਨੂੰ ਕਰ ਸਕਦਾ ਨਹੀਂ,
ਪਿਆਰ ਤੋਂ ਵੀ ਵਧ ਕੇ ਕੁਝ, ਰੂਹ ਮੇਰੀ ਪਾ ਗਈ,
ਤੂੰ ਮੇਰੀ ਜਿੰਦਗੀ ਚ ਆ ਗਈ ।


ਬੇਜਾਨ ਘਟਾਵਾਂ ਜੁੜੀਆਂ ਨੇ ਕਈ ਵਾਰ ਸੁਨੇ ਬਦਲਾਂ ਚ,
ਤੇਰੀ ਆਮਦ ਸਾਉਣ  ਵਾਂਗੂੰ, ਬੂੰਦਾਂ ਕੁਝ ਵਰਸਾ ਗਈ,
ਤੂੰ ਮੇਰੀ ਜਿੰਦਗੀ ਚ ਆ ਗਈ ।

Saturday, August 11, 2012

ਨਵਾਂ ਜਨਮ

ਉਠ ਰਹੇ ਨੇ ਤੇਰੇ ਕਦਮ ਮੇਰੇ ਦੋਸਤਾ, ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

ਜਿੰਦਗੀ ਦੀ ਰਾਹ ਤੇ ਦੂਰ ਤਕ ਚਲਣ ਲਈ,
ਨਾਲ ਤੇਰੇ ਹੁਣ ਹਮਕਦਮ  ਮੇਰੇ ਦੋਸਤਾ ।
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

ਉਚੇ ਨਵੇਂ ਰਾਹਾਂ ਤੇ ਨਾਲ ਚਲਦੇ  ਰਹਿਣ ਲਈ,
ਵੰਡਣ ਲਈ ਖੁਸ਼ੀਆਂ ਤੇ ਗਮ  ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

ਦੁਨਿਆ ਲਈ ਭਾਵੇਂ ਵਖ ਵਖ ਰੂਹਾਂ ਨੇ
ਮੇਰੇ ਲਈ "ਪ੍ਰਭ", "ਹਰ" ਇਕ ਸਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

ਨਾਲ ਨਾਲ ਮੇਰੀਆਂ ਦੁਆਵਾਂ ਸਦਾ ਰਹਿਣਗਿਆਂ,
ਜਦ ਤਕ ਦਮ ਵਿਚ ਦਮ ਮੇਰੇ ਦੋਸਤਾ,
ਮੁਬਾਰਕ ਨਵਾਂ ਜਨਮ ਮੇਰੇ ਦੋਸਤਾ ।

Wednesday, July 18, 2012

जन्मदिन मुबारक

है आजकल तू जहां भी कहीं,
जन्मदिन मुबारक तुझे ऐ हसीं।

ये माना जहाँ में हसीं और भी हैं,
मगर दिल ये कहता है तुम सी नहीं,
जन्मदिन मुबारक तुझे ऐ हसीं।

तुझको दुआ क्या मेरा दिल भला दे,
तुझको दुआओं की कमीं तो नहीं,
जन्मदिन मुबारक तुझे ऐ हसीं।



Sunday, May 20, 2012

ਦਰਦ

ਦਿਲ ਸਮੁੰਦਰ ਵਿਚਲੇ ਮੋਤੀ, ਕਈ ਵਾਰ ਕਿਨਾਰੇ ਆ ਜਾਂਦੇ,
ਪਰ ਮੇਰੇ ਦਿਲ ਵਿਚ ਜੋ ਕੁਝ ਭਰਿਆ , ਸਭ ਕੁਝ ਮੈਂ ਕਹਿ ਸਕਦਾ ਨਹੀਂ |

ਸਰਦ ਜਿਹਾ ਇਕ ਦਰਦ ਜਿਗਰ ਦਾ, ਤੇਜ਼ਾਬ ਜਿਹੇ ਹੰਝੂ ਮੇਰੇ,
ਹੌਲੀ ਹੌਲੀ ਟੁੱਟਦਾ ਦਿਲ ਹੁਣ, ਹੋਰ ਤੇ ਮੈਂ ਸਹਿ ਸਕਦਾ ਨਹੀਂ |

ਤੇਰੇ ਬਾਝੋਂ ਸੁੰਨੀ ਦੁਨਿਆ, ਸੁੰਨਾ ਚਾਰ ਚੁਫੇਰਾ ਏ,
ਕਿੰਝ ਸਮਝਾਵਾਂ ਦਿਲ ਆਪਣੇ ਨੂੰ, ਜੋ ਤੇਰੇ ਬਿਨ ਰਹਿ ਸਕਦਾ ਨਹੀਂ |

ਪਰ ਰਿਸ਼ਤੇ ਹੋਰ ਬਥੇਰੇ ਨੇ, ਇੱਕ ਮਾਸ਼ੂਕਾ ਤੋਂ ਹੱਟਕੇ ਵੀ,
ਤੇਰੇ ਪਿਆਰ ਇੱਕਲੇ ਖ਼ਾਤਿਰ, ਸਭ ਕੁਝ ਛੱਡ ਬਹਿ ਸਕਦਾ ਨਹੀਂ |

ਹੋਰ ਦਰਦ ਵੀ ਸੀਨੇ ਵਿਚ ਨੇ, ਅੱਖਾਂ ਵਿਚ ਜੋ ਕੱਠੇ ਨੇ,
ਪਰ ਮੇਰੀ ਅੱਖ ਦਾ ਰੁਕਿਆ ਹੰਝੂ , ਸਭ ਅੱਗੇ ਵਹਿ ਸਕਦਾ ਨਹੀਂ |

ਮੇਰੇ ਦਿਲ ਵਿਚ ਜੋ ਕੁਝ ਭਰਿਆ , ਸਭ ਕੁਝ ਮੈਂ ਕਹਿ ਸਕਦਾ ਨਹੀਂ |

Wednesday, April 04, 2012

ਰੀਝ

ਕੀ ਐਸਾ ਦਿਨ ਵੀ ਆਇਗਾ ਜੋ ਓਹ ਮੇਰੀ ਹੋ ਜਾਏਗੀ,
ਮੈਂ ਓਹਦੇ ਪਿਆਰ ਨੂੰ ਪਾਵਾਂਗਾ, ਓਹ ਮੇਰੇ ਪਿਆਰ ਨੂੰ ਪਾਏਗੀ ।

ਦਿਲ ਮਿਲਣੇ ਕਾਫ਼ੀ ਨਹੀਂ ਹੁੰਦੇ, ਗੱਲਾਂ ਹੋਰ ਵੀ ਬੜੀਆਂ ਨੇ,
ਇੱਕ ਦੋ ਬਾਰੇ ਕੀ ਦੱਸਾਂ, ਇਥੇ ਮੁਸ਼ਕਿਲਾਂ ਹੋਰ ਵੀ ਖੜੀਆਂ ਨੇ,
ਇੱਕ ਨੂ ਜਦ ਸੁਲ੍ਝਾਵਾਂਗਾ ਤੇ ਦੂਜੀ ਅਖ ਦਿਖਾਏਗੀ,
ਕੀ ਐਸਾ ਦਿਨ ਵੀ ਆਇਗਾ ਜੋ ਓਹ ਮੇਰੀ ਹੋ ਜਾਏਗੀ ।

ਜੋ ਵਕ਼ਤ ਦੇ ਮੋਤੀ ਕਿਰ ਚੁੱਕੇ, ਓਹ ਵਾਪਿਸ ਹ੍ਤਥ ਵਿਚ ਆਣੇ ਨਹੀਂ,
ਕੁਝ ਗੱਲਾਂ ਇਹ ਵੀ ਵੱਡੀਆਂ ਨੇ, ਕੁਝ ਅਸੀੰ ਵੀ ਹੁਣ ਨਿਆਣੇ ਨਹੀਂ,
ਬਸ ਇੰਝ ਲਗਦਾ ਏ ਮੈਨੂੰ ਤੇ, ਹੁਣ ਯਾਦ ਹੀ ਸਦਾ ਸਤਾਏਗੀ ,
ਕੀ ਐਸਾ ਦਿਨ ਵੀ ਆਇਗਾ ਜੋ ਓਹ ਮੇਰੀ ਹੋ ਜਾਏਗੀ ।

Tuesday, March 20, 2012

ਯਾਰੀ

ਯਾਰੀ ਪੁਗਾਓਣੀ ਹਰ ਕਿਸੇ ਦੇ ਵੱਸ ਦੀ ਨਹੀਂ ।

ਯਾਰੀ ਦੇ ਵਿਚ ਯਾਰ ਮਾਰ ਜੋ ਕਰ ਜਾਵੇ,
ਸਾਂਝੀ ਪਾਕੇ ਦਿਲ ਗੱਦਾਰੀ ਕਰ ਜਾਵੇ,
ਫੇਰ ਲਖ ਲਾਵੇ ਜੋਰ ਭਾਵੇਂ ਓਹ ਕਿੰਨਾ ਹੀ,
ਕਿਸਮਤ ਓਹਦੇ ਫੇਰ ਕਦੇ ਵੀ ਹਸਦੀ ਨਹੀਂ ।
ਯਾਰੀ ਪੁਗਾਓਣੀ ਹਰ ਕਿਸੇ ਦੇ ਵੱਸ ਦੀ ਨਹੀਂ ।

ਕੁਝ ਮਨਦੇ ਨੇ ਯਾਰੀ ਰੱਬ ਤੋਂ ਵਧ ਕੇ ਵੀ,
ਪਿਆਰ ਪੁਗਾਓੰਦੇ ਜਿਗਰਾ ਹਥੀਂ ਕਢ ਕੇ ਵੀ,
ਪਰ ਕੁਝ ਹੋਰ ਤਰਾਂ ਦੇ ਲੋਕੀ ਹੁੰਦੇ ਨੇ,
ਜੋ ਸੋਚਣ ਯਾਰੀ ਵਾਲੀ ਗੱਲ ਜਰਾ ਵੀ ਰਸ ਦੀ ਨਹੀਂ ।
ਯਾਰੀ ਪੁਗਾਓਣੀ ਹਰ ਕਿਸੇ ਦੇ ਵੱਸ ਦੀ ਨਹੀਂ ।     

ਕੁਝ ਯਾਰ ਯਾਰੀ ਦੇ ਨਾਂ ਤੇ ਸਭ ਲੁਟਾ ਦਿੰਦੇ,
ਕੁਝ ਯਾਰ ਦੇ ਪਿਛੇ ਲੱਗ ਕੇ ਉਮਰ ਗੁਆ ਦਿੰਦੇ,
ਪਰ ਦੁਨਿਆ ਦੇ ਵਿਚ ਐਸੀ ਵੀ ਲੋਕਾਈ ਏ,
ਦਿਲ ਵਿਚ ਰਖਦੀ ਗੱਲ ਤੇ ਮੂੰਹ ਤੇ ਦਸਦੀ ਨਹੀਂ ।
ਯਾਰੀ ਪੁਗਾਓਣੀ ਹਰ ਕਿਸੇ ਦੇ ਵੱਸ ਦੀ ਨਹੀਂ ।
  

Tuesday, February 21, 2012

ਅੱਜ ਦੇ ਆਸ਼ਿਕ਼

ਮੈਂ ਰਾਂਝਾ ਮੈਂ ਰਾਂਝਾ ਯਾਰੋ, ਮੈਂ ਰਾਂਝਾ ਮੈਂ ਰਾਂਝਾ ।
ਮਝੀਆਂ ਹੋਰ ਚਰਾ ਨਹੀਂ ਸਕਦਾ,
ਰਾਂਝਾ ਚਾਕ ਕਹਾ ਨਹੀਂ ਸਕਦਾ,
ਇੱਕੋ ਹੀਰ ਦੇ ਪਿਛੇ ਲਗਕੇ,
ਸਾਰੀ ਉਮਰ ਗੁਆ ਨਹੀਂ ਸਕਦਾ,
ਮੈਂ ਆਸ਼ਿਕ਼ ਸਭ ਦਾ ਸਾਂਝਾ,
ਯਾਰੋ ਮੈਂ ਰਾਂਝਾ ਮੈਂ ਰਾਂਝਾ, ਯਾਰੋ ਮੈਂ ਰਾਂਝਾ ਮੈਂ ਰਾਂਝਾ ।

ਮੈਂ ਹੀਰ ਮੈਂ ਹੀਰ, ਨੀ ਸਖੀਓ ਮੈਂ ਹੀਰ ਮੈਂ ਹੀਰ ।
ਲੁੱਕ ਲੁੱਕ ਚੂਰੀ ਮੈਂ ਨਹੀ ਕੁੱਟਦੀ,
ਮਾੜੇ ਰਾਂਝੇ ਵੱਲ ਅਖ ਨਹੀਂ ਚੁੱਕਦੀ,
ਘੱਟੋ ਘੱਟ ਇੱਕ ਕਾਰ ਤੇ ਹੋਵੇ,
ਪੈਦਲ ਹੁਣ ਮੈਂ ਪੈਰ ਨਹੀਂ ਪੁੱਟਦੀ,
ਪੈਸਾ ਪਹਿਲਾਂ ਪਿਆਰ ਅਖੀਰ,
ਮੈਂ ਹੀਰ ਮੈਂ ਹੀਰ, ਨੀ ਸਖੀਓ ਮੈਂ ਹੀਰ ਮੈਂ ਹੀਰ ।

ਮੈਂ ਮਜਨੂੰ ਮੈਂ ਮਜਨੂੰ, ਯਾਰੋ ਮੈਂ ਮਜਨੂੰ ਮੈਂ ਮਜਨੂੰ ।
ਕਿਹੜਾ ਮੈਨੂੰ ਮਾਰੂ ਵੱਟੇ,
ਆਜੇ ਕੋਈ ਚੱਕ ਦਊਂ ਫੱਟੇ,      
ਕਿਸੇ ਵੀ ਲੈਲਾ ਪਿਛੇ ਹੁਣ ਤੇ,
ਯਾਰ ਹੋਰੀਂ ਨਹੀਂ ਜਾਂਦੇ ਚੱਕੇ,
ਪਿਆਰ ਆਪਣਾ ਮੈਂ ਵੰਡਾਂ ਸਭਨੂੰ,
ਮੈਂ ਮਜਨੂੰ ਮੈਂ ਮਜਨੂੰ, ਯਾਰੋ ਮੈਂ ਮਜਨੂੰ ਮੈਂ ਮਜਨੂੰ ।

ਮੈਂ ਲੈਲਾ ਮੈਂ ਲੈਲਾ, ਸਖੀਓ ਮੈਂ ਲੈਲਾ ਮੈਂ ਲੈਲਾ ।
ਮਜਨੂੰ ਪਿਛੇ ਫਿਰਨ ਬਥੇਰੇ,
ਅੱਗੇ ਪਿਛੇ ਲਾਂਦੇ ਗੇੜੇ,
ਕੀਹਦਾ ਕੀਹਦਾ ਮਾਣ ਮੈਂ ਰਖਾਂ,
ਸਮਝ ਨਾ ਆਵੇ ਕੁਝ ਵੀ ਮੇਰੇ,
ਹੁਣ ਤੇ ਯਾਦ ਨਹੀਂ ਪਿਆਰ ਵੀ ਪਹਿਲਾ,
ਮੈਂ ਲੈਲਾ ਮੈਂ ਲੈਲਾ, ਸਖੀਓ ਮੈਂ ਲੈਲਾ ਮੈਂ ਲੈਲਾ ।  
 
    

Tuesday, February 14, 2012

ਇਸ਼ਕ਼

ਕੋਈ ਆਖੇ ਇਸ਼ਕ਼ ਕਮੀਨਾ ਕੋਈ ਆਖੇ ਰਿਸ੍ਕੀ,
ਕਿਸੇ ਲਈ ਇਹ ਅਮ੍ਰਿਤ ਦਾ ਘੁੱਟ ਕਿਸੇ ਲਈ ਇਹ ਵ੍ਹਿਸ੍ਕੀ ।

ਦਿਲ ਜਿਸਦਾ ਲਗ ਜਾਵੇ ਕਿਧਰੇ ਓਹਦੀ ਬੱਲੇ ਬੱਲੇ,
ਕੱਲੇ ਦਿਲ ਵਾਲੇ ਲਈ ਜਿੰਦਗੀ ਬਣ ਜਾਂਦੀ ਇੱਕ ਸਿਸਕੀ ।

ਯਾਰ ਖੁਦਾ ਮਹਬੂਬਾ ਰੱਬ ਹੀ ਬਣ ਜਾਂਦੇ ਨੇ ਯਾਰੋ,
ਹਰ ਪਾਸੇ ਫਿਰ ਸੂਰਤ ਲੋਕੋ ਰਹਿੰਦੀ ਯਾਰ ਦੀ ਦਿਸਦੀ ।

ਜਿਸਦੀ ਮਹਬੂਬਾ ਮੰਨ ਜਾਵੇ ਓਹਦੀਆਂ ਲਹਿਰਾਂ ਬਹਿਰਾਂ, 
ਰੁੱਸ ਬੈਠੇ ਜਿਸਦੀ ਓਹਦੇ ਪੈਰੋਂ ਹੇਠ ਜ਼ਮੀਨ ਵੀ ਖਿਸਕੀ ।

    
 

Sunday, February 12, 2012

ਮੇਰੇ ਯਾਰ

ਕੁਝ ਯਾਰ ਮੇਰੇ, ਦਿਲਦਾਰ ਮੇਰੇ,
kujh yaar mere dildar mere,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।
kujh dil de andar bahar mere.

ਇੱਕ ਯਾਰ ਮੇਰਾ ਏ ਰੱਬ ਵਰਗਾ,
ikk yaar mera e rabb warga,
ਕੁਝ ਨਾਮ ਏ ਓਹਦਾ ਪ੍ਰਭ ਵਰਗਾ,
kujh naam e ohda Prabh warga,
ਕਰਦਾ ਦਿਲ ਦੀ ਓਹ ਗੱਲ ਸਦਾ,
karda dil dee o gall sadaa,
ਸਮਝੇ ਦਿਲ ਦੇ ਤਾਰ ਮੇਰੇ,
samjhe dil de taar mere,
ਕੁਝ ਯਾਰ ਮੇਰੇ, ਦਿਲਦਾਰ ਮੇਰੇ,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।

ਇੱਕ ਸ਼ਰਮਾ ਜੀ, ਇੱਕ ਵਰਮਾ ਜੀ,
ikk Sharma je, ikk Verma ji,
ਇਹਨਾਂ ਦੇ ਕੀਤੇ ਕਰਮਾਂ ਜੀ,
ihna de keeta karma jee,
ਜਿਹਨਾਂ ਦੇ ਸਦਕਾ ਡਿਗਰੀ ਏ,
jihna de sadkaa degree e,
ਨਹੀਂ ਲਾਂਦੇ ਕਾਲਜ ਬਾਹਰ ਰੇਹੜੇ,
nahin laande college bahar rehde,
ਕੁਝ ਯਾਰ ਮੇਰੇ, ਦਿਲਦਾਰ ਮੇਰੇ,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।

ਪ੍ਰੀਤ, ਕ੍ਰਿਸ਼ਨ ਤੇ ਚੀਨੂੰ ਸਿੰਘ,
Preet, Krishan te Cheenu Singh,
ਤਿੰਨ ਇਹ ਵੀ ਯਾਰ ਪੁਰਾਣੇ ਨੇ,
tinn eh vee yaar purane ne,
ਗੱਲਬਾਤ ਤੇ ਘੱਟ ਵਧ ਹੁੰਦੀ ਏ,
gall baat te ghatt vaddh hundi e,
ਪਰ ਫਿਰ ਦਿਲ ਵਿਚ ਯਾਦ ਮੇਰੇ,
par fir vee dil vich yaad mere,
ਕੁਝ ਯਾਰ ਮੇਰੇ, ਦਿਲਦਾਰ ਮੇਰੇ,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।

ਦੋ ਜਾਣੇ ਆਪਣੇ ਯਾਰ ਨਵੇਂ,
do jane apne yaar navein,
ਜੋਹ੍ਲਾਂ ਤੇ ਲ੍ਧੇਵਾਲੀ ਤੋਂ,
Johlan te laddhewali ton,
ਇੱਕ ਨੰਬਰ ਦੇ ਜੁਗਾੜੁ ਨੇ,
ikk number de jugadoo ne,
ਕੰਮ ਦਿੰਦੇ ਸਾਰੇ ਸਾਰ ਮੇਰੇ,
kamm dinde saare saar mere,
ਕੁਝ ਯਾਰ ਮੇਰੇ, ਦਿਲਦਾਰ ਮੇਰੇ,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।

ਕੁਝ ਦਿੱਲੀ ਵਾਲੇ ਦੋਸਤ ਵੀ ਨੇ,
kujh Dilli wale dost vee ne,
ਅੰਸ਼ੁ, ਮਿਸ਼੍ਰਾ, ਅਤ੍ਰੀ, ਜੱਗੀ,
Anshu, Mishra, Atri, Jaggi,
ਭਾਵੇਂ ਨੇ ਰਹਿੰਦੇ ਦੂਰ ਬੜਾ,
bhavein rehnde ne door bada,
ਫਿਰ ਵੀ ਖੜੇ ਨੇ ਨਾਲ ਮੇਰੇ,
fir vee khade ne naal mere,
ਕੁਝ ਯਾਰ ਮੇਰੇ, ਦਿਲਦਾਰ ਮੇਰੇ,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।

ਪ੍ਰਭਜੀਤ, ਅਤੁਲ ਤੇ ਸੰਨੀਂ ਬਾਈ,
Prabhjeet, Atul te Sunny bai,
ਗੁੜਗਾਓੰ ਰਹੇ ਬਣ ਬਾਪ ਮਾਈ,
Gurgaon rahe ban baap mayi,
ਫਿਰ ਓਥੇ ਰਹਿਣਾ ਔਖਾ ਸੀ,
fir otthe rehna aukha see,
ਜੇ ਇਹ ਨਾ ਹੁੰਦੇ ਨਾਲ ਮੇਰੇ,
je ih na hunde naal mere,
ਕੁਝ ਯਾਰ ਮੇਰੇ, ਦਿਲਦਾਰ ਮੇਰੇ,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।

ਇੱਕ ਭੱਲਾ ਤੇ ਸਮ੍ਤਾਨੀ ਨੂੰ,
ikk Bhalla te Samtani nu,
ਕਿਵੇਂ ਦੱਸੋ ਮੈਂ ਭੁੱਲ ਜਾਵਾਂ,
kiven dasso mai bhull java,
ਇਹ ਦੋਵੇਂ ਯਾਰ ਪੁਰਾਣੇ ਨੇ,
ih dovein yaar purane ne,
ਇਹ ਦੋਵੇਂ ਚਿਠੀ ਤਾਰ ਮੇਰੇ,
ih dovein chitthi taar mere,
ਕੁਝ ਯਾਰ ਮੇਰੇ, ਦਿਲਦਾਰ ਮੇਰੇ,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।

ਕੁਝ ਕੁੜੀਆਂ ਵੀ ਨੇ ਜਿੰਦਗੀ ਵਿਚ,
kujh kudiya vee ne zindagi vich,
ਸ੍ਤ੍ਪ੍ਰੀਤ, ਪੱਲਵੀ ਤੇ ਨੈੰਸੀ,
Satpreet, Pallavi te Nancy,
ਜਦ ਮੈਂ ਉਦਾਸ ਹੋ ਜਾਂਦਾ ਹਾਂ,
jad mai udas ho jaanda haan,
ਇਹ ਛੇੜਨ ਦਿਲ ਦੇ ਤਾਰ ਮੇਰੇ,
ih chedan dil de taar mere,
ਕੁਝ ਯਾਰ ਮੇਰੇ, ਦਿਲਦਾਰ ਮੇਰੇ,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।

ਇੱਕ ਹੋਰ ਨਾਮ ਵੀ ਚੇਤੇ ਹੈ,
ikk hor naam vee chete hai,
ਸ਼ਾਇਦ ਓਹਦਾ ਨਾਂ ਰੋਹਿਤ ਹੈ,
shayad ohda naa Rohit hai,
ਜੇ ਕਦੇ ਮੈਂ ਝਿੜਕ ਦਿਆਂ ਓਸਨੂੰ,
je kade main jhidak deya ohnu,
ਕਹਿੰਦਾ ਬਖਸ਼ੋ ਸਰਕਾਰ ਮੇਰੇ,
kehnda baksho Sarkar mere,
ਕੁਝ ਯਾਰ ਮੇਰੇ, ਦਿਲਦਾਰ ਮੇਰੇ,
ਕੁਝ ਦਿਲ ਦੇ ਅੰਦਰ ਬਾਹਰ ਮੇਰੇ ।





Tuesday, February 07, 2012

Facebook

ਕਲ ਮੈਂ ਫੇਸਬੁੱਕ ਤੇ ਦੇਖਿਆ ਯਾਰੋ ਓਹਨੇ ਵਿਆਹ ਕਰਵਾ ਲਿਆ ਏ,
ਮੇਰੇ ਦਿਲ ਦਾ ਔਖਾ ਸੀ, ਪਰ ਓਹਨੇ ਦਿਲ ਸਮਝਾ ਲਿਆ ਏ ।

ਨਾ ਹਾਸੇ ਨਾ ਰੋਣਾ ਪੱਲੇ, ਕੀ ਔਖਾ ਹੋ ਜਾਣਾ ਝੱਲੇ,
ਪੜ੍ਹ ਕੇ ਓਹਦਾ ਨਵਾਂ ਸ੍ਟੇਟਸ, ਧਰਤੀ ਖਿਸਕੀ ਪੈਰੋਂ ਥੱਲੇ,
ਓਹਦੀ ਵਾਲ ਨੂੰ ਦੇਖ ਕੇ ਅਖਾਂ ਅੱਗੇ ਨ੍ਹੇਰਾ ਛਾ ਗਿਆ ਏ,  
ਕਲ ਮੈਂ ਫੇਸਬੁੱਕ ਤੇ ਦੇਖਿਆ ਯਾਰੋ ਓਹਨੇ ਵਿਆਹ ਕਰਵਾ ਲਿਆ ਏ ।

ਨਾਮ ਕਿਸੇ ਦੇ ਹੋਰ ਦਾ ਚੂੜਾ, ਲਹਿੰਗੇ ਦਾ ਰੰਗ ਲਾਲ ਵੀ ਗੂੜਾ,
ਸੱਜ ਸੰਵਰ ਕੇ ਬੰਨ ਠੰਨ ਕੇ, ਤੇ ਉੱਤੋਂ ਮੇਕਅਪ ਕੀਤਾ ਪੂਰਾ,
ਪੂਰੀ ਐਲਬਮ ਅਪਲੋਡ ਕਰਕੇ , ਦਿਲ ਤੇ ਛੁਰਾ ਚਲਾ ਲਿਆ ਏ,
ਕਲ ਮੈਂ ਫੇਸਬੁੱਕ ਤੇ ਦੇਖਿਆ ਯਾਰੋ ਓਹਨੇ ਵਿਆਹ ਕਰਵਾ ਲਿਆ ਏ ।

ਨਾਲ ਖੜੀ ਇੱਕ ਸੁਘੜ ਸਹੇਲੀ ਮੇਰੇ ਲਈ ਜੋ ਬਣੀ ਪਹੇਲੀ,
ਜਾਣ ਵਾਲੀ ਤੇ ਚਲੀ ਗਈ ਏ, ਮੇਰਾ ਹੁਣ ਨਾ ਕੋਈ ਬੇਲੀ
ਤੂੰ ਨਹੀਂ ਤੇ ਹੋਰ ਸਹੀ, ਇਹ ਸੋਚ ਕੇ ਦਿਲ ਪਰਚਾ ਲਿਆ ਏ,
ਕਲ ਮੈਂ ਫੇਸਬੁੱਕ ਤੇ ਦੇਖਿਆ ਯਾਰੋ ਓਹਨੇ ਵਿਆਹ ਕਰਵਾ ਲਿਆ ਏ ।

Sunday, January 29, 2012

ਕੁੜੀਆਂ ਨਾਲ ਬਹਾਰਾਂ

ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ ।
 
ਕੁਝ ਗਹਰੇ ਕੁਝ ਹਲਕੇ ਰੰਗ ਦੇ,
ਕੁਝ ਪੁਠੇ ਕੁਝ ਸਿਧੇ ਢੰਗ ਦੇ,
ਰੰਗ ਬਿਰੰਗੇ ਵੰਨ ਸੁਵੰਨੇ, ਯਾਰੋ ਕਪੜੇ ਪਾਉਂਦੀਆਂ ਨੇ,
ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ ।

ਕਾਲਜ, ਸਿਨਮੇਂ, ਵਿਚ ਬਜ਼ਾਰਾਂ,
ਘੁੰਮਦੀਆਂ ਯਾਰੋ ਬੰਨ ਬੰਨ ਡਾਰਾਂ,
ਜਿਥੇ ਵੀ ਯਾਰੋ ਜਾਣਾ ਹੋਵੇ, ਤਿੰਨ ਚਾਰ ਹੀ ਕਠੀਆਂ ਜਾਂਦੀਆਂ ਨੇ,

ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ ।

ਪਿਆਰ ਇਹਨਾਂ ਦੇ ਦਾ ਸਵਾਦ ਹੈ ਬਹੁਤਾ,
ਗੁੱਸਾ ਬੜਾ ਤੇ ਲਾਡ ਵੀ ਬਹੁਤਾ,
ਗੋਲੂ-ਮੋਲੂ, ਗੁਗਲੂ, ਸ਼ੋਨਾ, ਬਾਬੂ ਆਖ ਬੁਲਾਉਂਦੀਆਂ ਨੇ,

ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ । 

ਪਿਆਰ ਵਫ਼ਾ ਸਭ ਗੱਲਾਂ ਨੇ,
ਇਹ ਲੋਕੀਂ ਅਕ਼ਸਰ ਕਹਿੰਦੇ ਨੇ,
ਪਰ ਇੱਕ ਨਾਲ ਲਾ ਕੇ ਕਿੱਦਾਂ ਰਹਿਣਾ, ਕੁੜੀਆਂ ਹੀ ਸਿਖਾਉਂਦੀਆਂ ਨੇ ,
ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ

Saturday, January 21, 2012

ਪੰਜਾਬ

ਪੰਜਾਬ ਤੇ ਬਸ ਹੁਣ ਦੋਆਬ ਬਣ ਰਹ ਗਿਆ ।

ਨਸ਼ਿਆਂ ਚ ਰੁਲ ਗਈਆਂ ਕਈ ਨੇ ਜਵਾਨੀਆਂ,
ਵਧ ਗਈ ਭੀੜ ਪਰ ਦਿਲਾਂ ਚ ਵਿਰਾਨੀਆਂ,
ਪਹਿਲਾਂ ਜਿਹਾ ਪੰਜਾਬ ਹੁਣ ਖਵਾਬ ਬਣ ਰਹ ਗਿਆ,
ਪੰਜਾਬ ਤੇ ਬਸ ਹੁਣ ਦੋਆਬ ਬਣ ਰਹ ਗਿਆ ।

ਵੱਡਿਆਂ ਤੋਂ ਸੁਣਦੇ ਸੀ ਪਹਿਲੇ ਦੀਆਂ ਗੱਲਾਂ,
ਹਰ ਥਾਂ ਪੰਜਾਬੀਆਂ ਨੇ ਮਾਰੀਆਂ ਜੋ ਮੱਲਾਂ,
ਗੱਲਾਂ ਜੋਗਾ ਬਸ ਮਹਿਤਾਬ ਬਣ ਰਹ ਗਿਆ,
ਪੰਜਾਬ ਤੇ ਬਸ ਹੁਣ ਦੋਆਬ ਬਣ ਰਹ ਗਿਆ । 

ਤਿੰਨ ਦਰਿਆ ਪੀਤੇ ਸਿਆਸੀ ਕੁਝ ਚੋਰਾਂ ਨੇ, 
ਰਲ ਮਿਲ ਆਪਣੇ ਤੇ ਨਾਲ ਕੁਝ ਹੋਰਾਂ ਨੇ,
ਵੰਡ ਬਾਅਦ ਬਸ ਸੰਤਾਪ ਬਣ ਰਹ ਗਿਆ,
ਪੰਜਾਬ ਤੇ ਬਸ ਹੁਣ ਦੋਆਬ ਬਣ ਰਹ ਗਿਆ ।
ਪੰਜਾਬ ਤੇ ਸ਼ੈਰੀ ਹੁਣ ਦੋਆਬ ਬਣ ਰਹ ਗਿਆ । 

   
 

Monday, January 16, 2012

ਰੱਬ ਨਜ਼ਰ ਆਇਆ

ਅੱਜ ਅਸਮਾਨ ਵੱਲ ਦੇਖਿਆ ਤੇ ਸਭ ਨਜ਼ਰ ਆਇਆ,
ਦੁਨਿਆ ਜਿਸਦਾ ਸਜਦਾ ਕਰਦੀ, ਰੱਬ ਨਜ਼ਰ ਆਇਆ |

ਕਈ ਵਾਰ ਹੰਭਲਾ ਮਾਰਿਆ ਮੈਂ ਮਿਲਣ ਲਈ ਉਸਨੂੰ,
ਪਰ ਅੱਜ ਓਹੋ ਆਪ ਬੇਸਬਬ ਨਜ਼ਰ ਆਇਆ |

ਓਹ ਜੋ ਕਹਿੰਦਾ ਸੀ ਕੇ ਮੇਰੇ ਵੱਸ ਵਿਚ ਸਭ ਹੈ,
ਵਕ਼ਤ ਹਥ ਬੇਬਸ, ਓਹ ਬੇਹਦ ਨਜ਼ਰ ਆਇਆ |

ਜਿਸਨੂੰ ਮੈਂ ਜਿੰਦਾ ਕਦੇ ਵੀ ਰਾਸ ਨਹੀਂ ਆਇਆ,
ਮੌਤ ਤੇ ਸ਼ੈਰੀ ਦੀ ਰੋਂਦਾ ਵਧ ਨਜ਼ਰ ਆਇਆ |
 

 

Thursday, January 12, 2012

ਜ਼ਿੰਦਗੀ

ਜ਼ਿੰਦਗੀ ਕੀ ਹੈ ਮੇਰੀ, ਕੁਝ ਸਮਝ ਨਹੀਂ ਆਂਦਾ |

ਰੇਲ ਵਾਂਗ ਚਲਦੀ ਜਾ ਰਹੀ ਹੈ, ਤੇ ਸਟੇਸ਼ਨ ਵਾਂਗੂੰ ਸਾਲ ਦਰ ਸਾਲ ਗੁਜ਼ਰ ਰਹੇ ਨੇ,
ਪਟਰੀ ਦੀ ਦੋਵੇਂ ਪਾਸੇ ਉੱਗੇ ਘਾਹ ਵਾਂਗ ਉੱਜੜੀ ਹੈ ਮੇਰੀ ਜਿੰਦਗੀ |
ਉਜਾੜ ਵਾਂਗ ਹੀ ਉੱਜੜੀ ਘਾਹ ਵਿਚ ਇੱਕ ਦੋ ਬੂਟੇ ਫੁੱਲਾਂ ਦੇ ਵੀ ਨੇ,
ਪਰ ਰੇਲ ਵਾਂਗ ਹੀ ਮੈਂ ਰੁੱਕ ਕੇ ਖੁਸ਼ਬੂ ਨਹੀਂ ਲੈ ਸਕਦਾ ਓਹਨਾ ਇੱਕ ਦੋ ਫੁੱਲਾਂ ਦੀ |

ਰੇਤ ਦੀ ਭਰੀ ਮੁਠੀ ਜਿਹੀ ਜਾਪਦੀ ਹੈ ਕਦੇ ਜ਼ਿੰਦਗੀ ਮੈਨੂੰ,
ਪਲ ਪਲ ਹਰ ਸਾਹ ਰੇਤ ਵਾਂਗੂ ਕਿਰਦਾ ਜਾ ਰਿਹਾ ਹੈ, ਤੇ ਮੈਂ ਮੁਠ ਖੋਲ ਵੀ ਨਹੀਂ ਸਕਦਾ,
ਸਮੇਂ ਦੇ ਹਥੋਂ ਇੱਕ ਦਿਨ ਇਹ ਮੁਠ ਖਾਲੀ ਹੋ ਜਾਣੀ ਏ ਤੇ ਸਾਹਾਂ ਦੀ ਰੇਤ ਮੁੱਕ ਜਾਣੀ ਏ |

ਇੱਕ ਬਲਦੀ ਸਿਗਰੇਟ ਦੇ ਵਾਂਗੂੰ ਚਲਦੀ ਇਹ ਜ਼ਿੰਦਗੀ,
ਹਰ ਸਾਹ, ਹਰ ਕਸ਼ ਨਾਲ ਛੋਟੀ ਹੁੰਦੀ ਜਾਂਦੀ ਏ,
ਪਤਾ ਹੈ ਮੈਨੂੰ ਕਿ ਕਦੇ ਬੁਝ ਕੇ, ਮੁੱਕ ਕੇ ਵਕ਼ਤ ਦੇ ਪੈਰਾਂ ਹੇਠ ਆ ਜਾਏਗੀ ਇਹ,
ਪਰ ਸਿਗਰੇਟ ਵਾਂਗੂੰ ਹੀ ਏਹਦਾ ਵੀ ਆਪਣਾ ਇੱਕ ਨਸ਼ਾ ਹੈ,
ਤੇ ਏਹੋ ਉਮੀਦ, ਏਹੋ ਕੋਸ਼ਿਸ਼ ਹੈ ਮੇਰੀ,
ਕਿ ਮੁੱਕਣ ਤਕ ਹਰ ਕਸ਼, ਹਰ ਸਾਹ ਦਾ ਸੁਰੂਰ ਲੈਂਦਾ ਰਹਾਂ,
ਨਸ਼ਾ ਜ਼ਿੰਦਗੀ ਦਾ ਰਹੇ ਮੈਨੂੰ, ਕਿਓਂਕਿ ਸਿਗਰੇਟ ਵਾਂਗੂੰ ਮੈਂ ਇੱਕ ਹੋਰ ਜ਼ਿੰਦਗੀ ਸ਼ੁਰੂ ਨਹੀਂ ਕਰ ਸਕਦਾ |  

ਜਿੰਦਗੀ ਕੀ ਹੈ ਸ਼ੈਰੀ, ਕੁਝ ਸਮਝ ਨਹੀਂ ਆਂਦਾ |